Ajmer Rode

punjabi

 

ਵਡੇ ਨੰਬਰਾਂ ਦੀ ਖੇਡ

ਗਿਣਤੀ ਮਿਣਤੀ ਨੰਬਰ ਵਿਸ਼ਲੇਸ਼ਣ
ਸਾਡੇ ਮਨ ਨੂੰ ਘੱਟ ਹੀ ਟੁੰਬਦੇ ਹਨ।
 
ਪਰ ਰੰਗਾਂ ਦੀ ਸ਼ਹਿਬਰ ਵੇਖ
ਅਸੀਂ ਉਤੇਜਤ ਹੋ ਜਾਂਦੇ ਹਾਂ
ਗੋਲਮੋਲ ਚੀਜ਼ਾਂ ਵੇਖ ਖੁਸ਼ ਹੋ ਜਾਂਦੇ ਹਾਂ
ਸੱਤਿ ਅਸੱਤਿ ਠੀਕ ਗਲਤ ਦਾ
ਨਿਰਨਾ ਕਰਦਿਆਂ ਨੂੰ ਸ਼ਾਮਾਂ ਪੈ ਜਾਂਦੀਆਂ ਹਨ।
ਇਕ ਦੂਜੇ ਨਾਲ ਦੁਖ ਸੁਖ ਕਰਦੇ
ਉਮਰਾਂ ਲੰਘਾ ਦਿੰਦੇ ਹਾਂ।
 
ਮਨੁੱਖੀ ਮਨ ਗੁਣਮੂਲਕ ਹੈ ਤਰਕਮੂਲਕ ਨਹੀਂ
 
ਨੰਬਰਾਂ ਦੀ ਕਾਢ ਮਰਦਾਂ ਨੇ ਕਢੀ ਹੋਵੇਗੀ
ਸ਼ਾਇਦ ਇਕ ਦੂਜੇ ਨਾਲ ਚਲਾਕੀਆਂ ਕਰਨ ਵਾਸਤੇ
ਜਾਪਦਾ ਨਹੀਂ ਔਰਤਾਂ ਦਾ ਇਸ ਵਿਚ ਕੋਈ ਹੱਥ ਸੀ
ਉਹਨਾਂ ਦਾ ਧਿਆਨ ਤਾਂ ਲੱਗਾ ਹੋਇਆ ਸੀ
ਜਣਨ ਤੇ ਪਾਲਣ ਪੋਸਣ ਵਰਗੇ ਮੂਲ ਕਾਰਜਾਂ ਵੱਲ
ਜ਼ਿੰਦਗੀ ਦੀ ਲੜੀ ਨੂੰ ਟੁੱਟਣੋਂ ਬਚਾਉਣ ਵੱਲ।
 
ਨੰਬਰ ਸਾਡੀਆਂ ਰੂਹਾਂ ਨੂੰ ਘੱਟ ਹੀ ਭਾਉਂਦੇ ਹਨ

ਪਰ ਵਡੇ ਨੰਬਰਾਂ ਨਾਲ ਤੁਸੀਂ ਖੇਡਾਂ ਜਰੂਰ ਖੇਡ ਸਕਦੇ ਹੋ
ਤੇ ਮਨ ਮਰਚਾਵਾ ਕਰ ਸਕਦੇ ਹੋ
ਮਿਸਾਲ ਵਜੋਂ ਜੇ ਮੈਂ ਵੱਟੀਆਂ ਦੇ ਢੇਰ ਤੇ ਬੈਠ ਜਾਵਾਂ
ਤੇ ਬਿਨਾਂ ਸਾਹ ਲਏ ਇਕ ਅਰਬ ਵੱਟੀਆਂ ਗਿਣਾਂ
ਤਾਂ ਮੈਨੂੰ ਤਕਰੀਬਨ 14 ਸਾਲ ਲੱਗ ਜਾਣਗੇ
 
ਜਾਂ ਜੇ ਮੈਂ ਗਿਣਨਾ ਹੋਵੇ ਕਿ ਅਫਰੀਕਨ ਦੇਸਾਂ ਨੇ
ਅਮੀਰ ਪੱਛਮੀਂ ਮੁਲਕਾਂ ਦਾ ਕਿੰਨਾ ਕਰਜਾ ਦੇਣਾ ਹੈ
ਜੋ 200 ਅਰਬ ਹੈ (ਅਸਲ ਵਿਚ ਇਸਤੋਂ ਵੀ ਵੱਧ)
ਤਾਂ ਇਹ ਗਿਣਨਾ ਅਸੰਭਵ ਹੀ ਹੋਵੇਗਾ
ਮੈਨੂੰ 40 ਵਾਰ ਜਨਮ ਲੈਣਾ ਪਵੇਗਾ
ਤੇ 24 ਘੰਟੇ ਬਿਨਾਂ ਰੁਕੇ ਗਿਣਦੇ ਰਹਿਣਾ ਪਵੇਗਾ।
 
ਹੁਣ ਫਰਜ਼ ਕਰੋ ਇਸ ਕਰਜੇ ਕਰਕੇ
ਹਰ ਸਾਲ 50 ਲੱਖ ਬੱਚੇ ਮਰ ਜਾਂਦੇ ਹਨ (ਅਸਲ ਵਿਚ
ਤਾਂ ਇਸਤੋਂ ਵੀ ਵੱਧ) ਅਤੇ ਹਰ ਮਰ ਰਿਹਾ ਬੱਚਾ
ਦਿਨ ਵਿਚ ਘੱਟੋ ਘੱਟ ਸੌ ਵਾਰ ਰੋਂਦਾ ਹੈ

ਤਾਂ ਕੇਵਲ ਪੰਜ ਸਾਲਾਂ ਵਿਚ ਹੀ
ਅਕਾਸ਼ 10 ਖਰਬ ਚੀਕਾਂ ਨਾਲ ਭਰ ਜਾਵੇਗਾ।
ਯਾਦ ਰਹੇ ਜਿਹੜਾ ਬੋਲ ਇਕ ਵਾਰ ਮੂੰਹੋਂ ਨਿਕਲ ਜਾਵੇ
ਉਹਦੀ ਊਰਜਾ ਲਹਿਰ ਕਦੇ ਖਤਮ ਨਹੀਂ ਹੁੰਦੀ
ਅਤੇ ਨਾਂ ਹੀ ਅਕਾਸ਼ ਚੋਂ ਕਿਧਰੇ ਬਾਹਰ ਜਾਂਦੀ ਹੈ।
 
ਹੁਣ ਕਿਸੇ ਸ਼ਾਂਤ ਸਵੇਰ ਵੇਲੇ ਜੇ ਇਹਨਾਂ ਚੀਕਾਂ ਵਿਚੋਂ
ਇਕ ਵੀ ਤੁਹਾਡੇ ਕੰਨਾਂ ਰਾਹੀਂ ਅੰਦਰ ਚਲੀ ਗਈ
ਤਾਂ ਤੁਹਾਡੀ ਰੂਹ ਦੇ ਇਕ ਅਰਬ ਟੁਕੜੇ ਕਰ ਕੇ ਖਿਲਾਰ ਦੇਵੇਗੀ
ਚੌਦਾਂ ਵਰ੍ਹੇ ਲੱਗ ਜਾਣਗੇ ਇਹ ਟੁਕੜੇ ਇਕੱਠੇ ਕਰਨ ਵਿਚ
ਤੇ ਦੁਬਾਰਾ ਇਕ ਸਬੂਤੀ ਰੂਹ ਬਣਾਉਣ ਵਿਚ
 
ਦੂਜੇ ਪਾਸੇ ਇਹ ਵੀ ਹੋ ਸਕਦਾ ਹੈ
ਕਿ ਸਾਰੀਆਂ 10 ਖਰਬ ਚੀਕਾਂ
ਇਕੋ ਵਾਰ ਤੁਹਾਡੇ ਸਿਰ ਵਿਚ ਵੜ ਜਾਣ
ਤੇ ਤੁਹਾਨੂੰ ਕੋਈ ਫਰਕ ਨਾ ਪਵੇ।

© Ajmer Rode / ਅਜਮੇਰ ਰੋਡੇ
Audio production: The Enchanting Verses Literary Review